ਰਿਚਮੰਡ ਵਿੱਚ ਜੱਚਾ ਅਤੇ ਬੱਚਾ ਸਿਹਤ ਸੰਭਾਲ ਵਿੱਚ ਇੱਕ ਨਵਾਂ ਰਸਤਾ ਅਪਨਾਉਣਾ
ਜਦੋਂ ਰਿਚਮੰਡ ਹਸਪਤਾਲ ਦੇ ਸਟਾਫ਼ ਨੇ ਸਿਹਤਮੰਦ ਗਰਭ ਅਵਸਥਾ ਵਾਲੇ ਬੱਚਿਆਂ ਵਿੱਚ ਬੋਤਲ ਅਤੇ ਫਾਰਮੂਲਾ ਦੁੱਧ ਪਿਲਾਉਣ ਵਿੱਚ ਵਾਧੇ ਅਤੇ ਛਾਤੀ ਦਾ ਦੁੱਧ ਚੁੰਘਾਉਣ ਵਿੱਚ ਕਮੀ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਦੁੱਧ ਚੁੰਘਾਉਣ ਵਿੱਚ ਨਾਕਾਫ਼ੀ ਸਹਾਇਤਾ ਅਤੇ ਸਿੱਖਿਆ ਦੇ ਨਾਲ-ਨਾਲ ਜਨਮ ਤੋਂ ਪਹਿਲਾਂ ਦੇ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਜਾਣਕਾਰੀ ਦੀ ਘਾਟ ਕਾਰਨ ਸੀ।

ਇਸ ਦੇ ਜਵਾਬ ਵਿੱਚ, ਪੈਰੀਨੇਟਲ ਕੇਅਰ ਵਿੱਚ ਮਾਹਰ ਸਟਾਫ਼ ਅਤੇ ਮੈਡੀਕਲ ਸਟਾਫ਼ ਨੇ ਲੈਕਟੇਸ਼ਨ ਕੰਸਲਟੈਂਟ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਿੱਚ ਸਹਾਇਤਾ ਵਧਾਉਣ ਅਤੇ ਪਰਿਵਾਰਾਂ ਨੂੰ ਲੋੜੀਂਦੇ ਸਰੋਤ ਪ੍ਰਦਾਨ ਕਰਨ ਦੀ ਯੋਜਨਾ 'ਤੇ ਕੰਮ ਕੀਤਾ।
"ਸਾਨੂੰ ਪਤਾ ਲੱਗਾ ਹੈ ਕਿ ਜ਼ਿਆਦਾਤਰ ਮਰੀਜ਼ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਮੁੱਢਲੀ ਸਿੱਖਿਆ ਅਤੇ ਸਹਾਇਤਾ ਲਈ ਹਸਪਤਾਲ ਵਿੱਚ ਰਹਿਣ ਦੇ ਸਮੇਂ 'ਤੇ ਨਿਰਭਰ ਕਰਦੇ ਹਨ। ਇਸ ਲਈ ਸਾਨੂੰ ਮਰੀਜ਼ਾਂ ਦੀਆਂ ਉਮੀਦਾਂ ਨਾਲ ਸੰਬੰਧਿਤ ਕਮੀਆਂ ਨੂੰ ਪੂਰਾ ਕਰਨ ਅਤੇ ਆਪਣੀਆਂ ਦੁੱਧ ਚੁੰਘਾਉਣ ਦੀਆਂ ਸਹਾਇਤਾ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਲੋੜ ਸੀ, ”VCH ਦੇ ਪ੍ਰੋਗਰਾਮ ਲੀਡ ਅਤੇ ਰਜਿਸਟਰਡ ਮਿਡਵਾਈਫ, Jillian Simon ਨੇ ਕਿਹਾ।
ਇਹ ਪ੍ਰੋਗਰਾਮ, ਬੀ.ਸੀ. ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੈ। ਇਸ ਨੇ ਸੱਤ ਉੱਚ ਯੋਗਤਾ ਪ੍ਰਾਪਤ ਰਜਿਸਟਰਡ ਮਿਡਵਾਈਜ਼ ਦੀ ਇੱਕ ਟੀਮ ਨੂੰ ਇਕੱਠਾ ਕੀਤਾ। ਹਰੇਕ ਮੀਡਵਾਈਫ਼ ਨੂੰ ਅੰਤਰਰਾਸ਼ਟਰੀ ਬੋਰਡ-ਪ੍ਰਮਾਣਿਤ ਦੁੱਧ ਚੁੰਘਾਉਣ ਵਾਲੇ ਸਲਾਹਕਾਰ ਵਜੋਂ ਵੀ ਪ੍ਰਮਾਣਿਤ ਕੀਤਾ ਗਿਆ ਹੈ। ਇਕੱਠੇ ਮਿਲ ਕੇ, ਉਹ ਛਾਤੀ ਦਾ ਦੁੱਧ ਚੁੰਘਾਉਣ ਲਈ ਵਿਆਪਕ ਸਹਾਇਤਾ ਪ੍ਰਦਾਨ ਕਰਦੇ ਹਨ।
ਇਹ ਪਹਿਲੀ ਵਾਰ ਹੈ ਜਦੋਂ ਹਸਪਤਾਲ ਵਿੱਚ ਦੁੱਧ ਚੁੰਘਾਉਣ ਵਾਲੇ ਸਲਾਹਕਾਰ ਦੀ ਭੂਮਿਕਾ ਮਿਡਵਾਈਫਾਂ ਦੁਆਰਾ ਨਿਭਾਈ ਜਾ ਰਹੀ ਹੈ, ਜੋ ਅੰਤਰਰਾਸ਼ਟਰੀ ਬੋਰਡ-ਪ੍ਰਮਾਣਿਤ ਦੁੱਧ ਚੁੰਘਾਉਣ ਵਾਲੇ ਸਲਾਹਕਾਰ ਵੀ ਹਨ। ਇਹ ਇੱਕ ਨਵੇਕਲੀ ਪਹੁੰਚ ਹੈ ਜੋ ਸਿਹਤ-ਸੰਭਾਲ ਸਟਾਫ਼ ਦੀ ਸਭ ਤੋਂ ਵਧੀਆ ਵਰਤੋਂ ਕਰਨ ਵਿੱਚ ਮਦਦ ਕਰਦੀ ਹੈ ਅਤੇ ਜਣੇਪਾ ਸੰਭਾਲ ਅਤੇ ਬੱਚੇ ਨੂੰ ਦੁੱਧ ਪਿਲਾਉਣ ਵਿੱਚ ਸਹਾਇਤਾ ਕਰਨ ਵਿੱਚ ਮਿਡਵਾਈਫਾਂ ਦੇ ਕੀਮਤੀ ਤਜਰਬੇ ਦਾ ਲਾਭ ਲੈਂਦੀ ਹੈ।

ਲੈਕਟੇਸ਼ਨ ਕੰਸਲਟੈਂਟ ਪ੍ਰੋਗਰਾਮ ਹਸਪਤਾਲ ਦੇ ਜਨਮ ਸੈਂਟਰ ਵਿਖੇ ਸਾਰੇ MSP-ਬੀਮਿਤ ਮਰੀਜ਼ਾਂ ਲਈ ਉਪਲਬਧ ਹੈ, ਜੋ ਆਮ ਜਾਣਕਾਰੀ ਤੋਂ ਲੈ ਕੇ ਗੁੰਝਲਦਾਰ ਦੇਖਭਾਲ ਯੋਜਨਾਬੰਦੀ ਤੱਕ ਸੇਵਾਵਾਂ ਪ੍ਰਦਾਨ ਕਰਦਾ ਹੈ।