ਐਮਰਜੈਂਸੀ ਵਿਭਾਗ ਦੀਆਂ ਨਵੀਆਂ ਪ੍ਰਕਿਰਿਆਵਾਂ ਨਾਲ ਓਵਰਡੋਜ਼ ਘਟਣ ਦੀ ਉਮੀਦ ਹੈ
ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਉਣੱਤਰ ਪ੍ਰਤੀਸ਼ਤ ਲੋਕਾਂ ਦਾ ਇਲਾਜ ਉਨ੍ਹਾਂ ਦੀ ਮੌਤ ਤੋਂ ਇੱਕ ਸਾਲ ਦੇ ਅੰਦਰ-ਅੰਦਰ ਹਸਪਤਾਲ ਵਿੱਚ ਹੋਇਆ ਹੈ।
ਇਸ ਤੋਂ ਇਲਾਵਾ, ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਵਿੱਚ ਪ੍ਰਕਾਸ਼ਿਤ ਬੀ.ਸੀ. ਦੇ 2024 ਅਧਿਐਨ ਵਿੱਚ ਪਾਇਆ ਗਿਆ ਕਿ ਜਦੋਂ ਮਰੀਜ਼ ਬਿਨਾਂ ਡਾਕਟਰ ਨੂੰ ਦੇਖੇ ਜਾਂ ਡਾਕਟਰੀ ਤੌਰ 'ਤੇ ਛੁੱਟੀ ਮਿਲਣ ਤੋਂ ਪਹਿਲਾਂ ਹਸਪਤਾਲ ਛੱਡ ਦਿੰਦੇ ਹਨ ਤਾਂ ਓਵਰਡੋਜ਼ ਦੀ ਦਰ ਦਸ ਗੁਣਾ ਵੱਧ ਹੁੰਦੀ ਹੈ।
2024 ਵਿੱਚ, VCH ਦੇ ਰੀਜਨਲ ਐਡਿਕਸ਼ਨ ਪ੍ਰੋਗਰਾਮ (Regional Addiction Program) ਨੇ, ਰੀਜਨਲ ਐਮਰਜੈਂਸੀ ਸੇਵਾਵਾਂ ਦੇ ਸਹਿਯੋਗ ਨਾਲ, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਹਸਪਤਾਲ ਦੇ ਐਮਰਜੈਂਸੀ ਵਿਭਾਗਾਂ ਵਿੱਚ ਇਲਾਜ ਵਿੱਚ ਮਦਦ ਕਰਨ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਇਲਾਜ ਲਈ ਨਵੀਆਂ ਪ੍ਰਕਿਰਿਆਵਾਂ ਵਿਕਸਤ ਕੀਤੀਆਂ। ਇਹ ਪ੍ਰਕਿਰਿਆਵਾਂ ਉਨ੍ਹਾਂ ਸਾਰੇ ਮਰੀਜ਼ਾਂ ਲਈ ਢੁਕਵੀਆਂ ਹਨ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ, ਭਾਵੇਂ ਉਨ੍ਹਾਂ ਦੇ ਐਮਰਜੈਂਸੀ ਵਿਭਾਗ ਵਿੱਚ ਜਾਣ ਦਾ ਕਾਰਨ ਕੋਈ ਵੀ ਹੋਵੇ।
"ਹੁਣ ਲੋਕਾਂ ਦੇ ਨੁਕਸਾਨਦੇਹ ਨਸ਼ੀਲੇ ਪਦਾਰਥਾਂ ਦੇ ਸੰਪਰਕ ਵਿੱਚ ਆਉਣ ਦੇ ਕਾਰਨ ਗੁੰਝਲਦਾਰ ਵਿਦਡਰੌਅਲ ਸਿੰਡਰਮ (ਨਸ਼ਾ ਛੱਡਣ ਤੋਂ ਬਾਅਦ ਹੋਣ ਵਾਲੇ ਕਸ਼ਟਦਾਇਕ ਲੱਛਣ) ਦਾ ਇਲਾਜ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ," VCH ਦੇ ਰੀਜਨਲ ਐਡਿਕਸ਼ਨ ਪ੍ਰੋਗਰਾਮ ਦੇ ਮੈਡੀਕਲ ਡਾਇਰੈਕਟਰ Dr. Rupi Brar ਨੇ ਕਿਹਾ। “ਜਦੋਂ ਕੁਝ ਸਾਲ ਪਹਿਲਾਂ ਅਸੀਂ ਐਮਰਜੈਂਸੀ ਵਿਭਾਗ ਵਿੱਚ ਵਿਦਡਰੌਅਲ ਦਾ ਇਲਾਜ ਕਰਦੇ ਸੀ, ਤਾਂ ਹਰ ਦੋ ਤੋਂ ਤਿੰਨ ਘੰਟਿਆਂ ਬਾਅਦ ਓਪੀਔਡਜ਼ ਦੀਆਂ ਆਮ ਖੁਰਾਕਾਂ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ, ਸਾਨੂੰ ਹਰ 30 ਤੋਂ 40 ਮਿੰਟਾਂ ਵਿੱਚ ਤਿੰਨ ਜਾਂ ਚਾਰ ਗੁਣਾ ਖੁਰਾਕਾਂ ਦੀ ਵਰਤੋਂ ਕਰਨ ਦੀ ਲੋੜ ਪੈਂਦੀ ਹੈ।”


ਖੇਤਰ ਭਰ ਵਿੱਚ ਐਮਰਜੈਂਸੀ ਵਿਭਾਗ ਵਿੱਚ ਨਵੀਆਂ ਪ੍ਰਕਿਰਿਆਵਾਂ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਕਰ ਰਹੀਆਂ ਹਨ, ਦੁਬਾਰਾ ਦਾਖਲ ਹੋਣ ਦੀ ਦਰ ਨੂੰ ਘਟਾ ਰਹੀਆਂ ਹਨ ਅਤੇ ਜਾਨਾਂ ਬਚਾ ਰਹੀਆਂ ਹਨ।
ਇਸ ਪੇਚੀਦਗੀ ਨਾਲ ਨਜਿੱਠਣ ਲਈ, VCH ਨੇ ਐਮਰਜੈਂਸੀ ਵਿਭਾਗ ਵਾਸਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਇਲਾਜ ਲਈ ਨਵੀਆਂ ਪ੍ਰਕਿਰਿਆਵਾਂ ਵਿਕਸਤ ਕੀਤੀਆਂ, ਤਾਂਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਵਿਦਡਰੌਅਲ ਨੂੰ ਸੰਬੋਧਿਤ ਕਰਨ ਲਈ ਤਰਜੀਹ ਦਿੱਤੀ ਜਾ ਸਕੇ, ਜਿਸ ਨਾਲ ਘੱਟ ਲੋਕਾਂ ਨੂੰ ਢੁਕਵੇਂ ਇਲਾਜ ਤੋਂ ਪਹਿਲਾਂ ਹਸਪਤਾਲ ਛੱਡਣਾ ਪੈਂਦਾ ਹੈ। ਹਸਪਤਾਲ ਪਹੁੰਚਣ 'ਤੇ ਲੋਕਾਂ ਦੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਜਾਂਚ ਕਰਨ ਦਾ ਕੰਮ ਚੱਲ ਰਿਹਾ ਹੈ।
ਉਮੀਦ ਕੀਤੀ ਜਾਂਦੀ ਹੈ ਕਿ ਨਵੀਆਂ ਪ੍ਰਕਿਰਿਆਵਾਂ ਨਾਲ ਡਾਕਟਰੀ ਤੌਰ 'ਤੇ ਛੁੱਟੀ ਮਿਲਣ ਤੋਂ ਪਹਿਲਾਂ ਹਸਪਤਾਲ ਛੱਡਣ ਵਾਲੇ ਲੋਕਾਂ ਦੀ ਗਿਣਤੀ ਘੱਟ ਜਾਵੇਗੀ, ਜਿਸ ਨਾਲ ਮਰੀਜ਼ਾਂ ਨੂੰ ਬਿਹਤਰ ਦੇਖਭਾਲ ਮਿਲੇਗੀ, ਦੁਬਾਰਾ ਦਾਖਲ ਹੋਣ ਦੀ ਦਰ ਘਟੇਗੀ ਅਤੇ ਜਾਨਾਂ ਬਚਾਈਆਂ ਜਾ ਸਕਣਗੀਆਂ।

2014-2024 (30 ਸਤੰਬਰ, 2024 ਤੱਕ) ਬੀ.ਸੀ. ਵਿੱਚ ਗੈਰ-ਨਿਯੰਤ੍ਰਿਤ ਨਸ਼ੀਲੇ ਪਦਾਰਥਾਂ ਕਾਰਨ ਹੋਈਆਂ ਮੌਤਾਂ ਅਤੇ ਮੌਤ ਦਰ