ਆਊਟਰੀਚ ਡੂਲਾ: ਰੁਕਾਵਟਾਂ ਨੂੰ ਹਟਾਉਣਾ ਅਤੇ ਜਣੇਪੇ ਦੀ ਦੇਖਭਾਲ ਪ੍ਰਦਾਨ ਕਰਨਾ
ਇੱਕ ਨਵਾਂ ਆਊਟਰੀਚ ਡੂਲਾ ਪ੍ਰੋਗਰਾਮ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਭਾਈਚਾਰੇ ਵਿੱਚ ਸੇਵਾ ਪ੍ਰਾਪਤ ਕਰਨ ਵਾਲੇ ਇੰਡੀਜਨਸ ਲੋਕਾਂ ਅਤੇ ਬੇਘਰ ਹੋਣ ਦੇ ਜੋਖਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਣੇਪੇ ਦੀ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਇਹ ਸੇਵਾ, ਜੋ ਕਿ 2024 ਵਿੱਚ ਸ਼ੁਰੂ ਕੀਤੀ ਗਈ ਸੀ, ਵਿੱਚ ਡੂਲਾ, ਨਰਸਾਂ ਅਤੇ ਡਾਕਟਰ ਸ਼ਾਮਲ ਹਨ, ਅਤੇ ਇਹ ਸਾਥ, ਸੱਭਿਆਚਾਰਕ ਸਹਾਇਤਾ ਅਤੇ ਪ੍ਰਾਇਮਰੀ ਕੇਅਰ ਅਤੇ ਹੋਰ ਭਾਈਚਾਰਕ ਸਰੋਤਾਂ ਤੱਕ ਪਹੁੰਚ ਕਰਨ ਵਿੱਚ ਮਦਦ ਵੀ ਪ੍ਰਦਾਨ ਕਰਦੀ ਹੈ।
ਆਊਟਰੀਚ ਡੂਲਾ ਸਿਹਤ-ਸੰਭਾਲ ਟੀਮ ਦੇ ਹਿੱਸੇ ਵਜੋਂ ਕੰਮ ਕਰਦੇ ਹਨ ਅਤੇ ਗੈਰ-ਡਾਕਟਰੀ ਸਹਾਇਤਾ, ਜਾਣਕਾਰੀ ਪ੍ਰਦਾਨ ਕਰਦੇ ਹਨ, ਅਤੇ ਸਿਹਤ ਪ੍ਰਣਾਲੀ ਵਿੱਚ ਲੋੜੀਂਦੀ ਸਹਾਇਤਾ ਲੱਭਣ ਵਿੱਚ ਮਦਦ ਕਰਦੇ ਹਨ। ਉਹ ਗਰਭ ਅਵਸਥਾ ਦੌਰਾਨ ਅਤੇ ਜਨਮ ਤੋਂ ਬਾਅਦ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿੱਚ ਇੰਡੀਜਨਸ ਲੋਕਾਂ ਨੂੰ ਸਹਿਯੋਗ ਪ੍ਰਦਾਨ ਕਰਦੇ ਹਨ, ਖ਼ਾਸਕਰ ਉਹ ਜੋ ਬੇਘਰ ਹਨ ਜਾਂ ਬੇਘਰ ਹੋਣ ਦੇ ਜੋਖਮ ਵਿੱਚ ਹਨ।
ਆਊਟਰੀਚ ਡੂਲਾ ਇੰਡੀਜਨਸ ਸੱਭਿਆਚਾਰਕ ਤੌਰ-ਤਰੀਕਿਆਂ ਨਾਲ ਜੁੜਨ ਅਤੇ ਸਿਹਤ ਸੰਭਾਲ ਅਤੇ ਹੋਰ ਭਾਈਚਾਰਕ ਸੇਵਾਵਾਂ ਤੱਕ ਪਹੁੰਚ ਲਈ ਰੁਕਾਵਟਾਂ ਨੂੰ ਹਟਾਉਣ ਵਿੱਚ ਸਹਾਇਤਾ ਕਰਦੇ ਹਨ। ਉਹ VCH ਮੈਡੀਕਲ ਸਟਾਫ਼, ਮੈਟਰਨਿਟੀ ਸਟਾਫ਼, ਕਮਿਊਨਿਟੀ ਸੇਵਾ ਪ੍ਰਦਾਨਕਾਂ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਰੁਕਾਵਟਾਂ ਨੂੰ ਦੂਰ ਕਰਨ, ਸਿਹਤ ਅਤੇ ਤੰਦਰੁਸਤੀ ਦੇ ਨਤੀਜਿਆਂ ਅਤੇ ਸਿਹਤ-ਸੰਭਾਲ ਦੇ ਤਜਰਬਿਆਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ।
“ਸਾਡੇ ਤੋਂ ਸੇਵਾਵਾਂ ਪ੍ਰਾਪਤ ਕਰਨ ਵਾਲੇ ਲੋਕਾਂ ਕੋਲ ਸੰਪਰਕ ਕਰਨ ਲਈ ਬਹੁਤ ਸਾਰੇ ਵਿਅਕਤੀ ਹਨ ਅਤੇ ਅਕਸਰ ਉਨ੍ਹਾਂ ਦੀ ਗੱਲਬਾਤ ਵਿਸ਼ੇਸ਼ ਕਾਰਜਾਂ ਨੂੰ ਪੂਰਾ ਕਰਨ ‘ਤੇ ਕੇਂਦਰਿਤ ਹੁੰਦੀ ਹੈ। ਜਦੋਂ ਮੈਂ ਕਿਸੇ ਕਲਾਇੰਟ ਨਾਲ ਬੈਠਣ ਲਈ ਆਉਂਦੀ ਹਾਂ ਤਾਂ ਇਹ ਸਾਡੇ ਦੋਵਾਂ ਲਈ ਕੁਝ ਪਲ ਰੁਕਣ, ਸਾਹ ਲੈਣ ਅਤੇ ਇਕੱਠੇ ਮੌਜੂਦ ਰਹਿਣ ਦਾ ਮੌਕਾ ਹੁੰਦਾ ਹੈ।" - VCH ਦੀ ਆਊਟਰੀਚ ਡੂਲਾ, Lolo Chaumont

ਇੰਡੀਜਨਸ ਹੈਲਥ ਆਊਟਰੀਚ
ਸੱਭਿਆਚਾਰਕ ਸੁਰੱਖਿਆ ਦੀ ਅਗਵਾਈ ਕਰਦੇ ਹੋਏ, ਇੰਡੀਜੀਨਸ ਹੈਲਥ ਆਊਟਰੀਚ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ (DTES) ਭਾਈਚਾਰੇ ਵਿੱਚ ਗੁੰਝਲਦਾਰ ਮਾਨਸਿਕ ਸਿਹਤ ਅਤੇ/ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਚੁਣੌਤੀਆਂ ਵਾਲੇ ਬੇਘਰ ਜਾਂ ਅਸੁਰੱਖਿਅਤ ਢੰਗ ਨਾਲ ਰਹਿ ਰਹੇ ਲੋਕਾਂ ਦੀ ਸਹਾਇਤਾ ਕਰਦੀ ਹੈ ਅਤੇ ਉਹਨਾਂ ਨੂੰ ਸੱਭਿਆਚਾਰਕ ਸਹਾਇਤਾ ਅਤੇ ਸਿਹਤ ਸੇਵਾਵਾਂ ਨਾਲ ਜੋੜਦੀ ਹੈ, ਜਿਸ ਵਿੱਚ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਮੌਜੂਦਾ ਪ੍ਰੋਗਰਾਮ ਅਤੇ ਪ੍ਰਾਇਮਰੀ ਕੇਅਰ ਸੇਵਾਵਾਂ ਸ਼ਾਮਲ ਹਨ।